ਸੰਸਾਰ

ਪੁਸਤਕ ਚਰਚਾ - ਕ੍ਰਿਸ਼ਨ ਭਨੋਟ ਦੇ ਗ਼ਜ਼ਲ ਸੰਗ੍ਰਹਿ ‘ਗਹਿਰੇ ਪਾਣੀਆਂ ਵਿਚ’ ਟੁੱਭੀ ਲਾਉਂਦਿਆਂ

ਹਰਦਮ ਸਿੰਘ ਮਾਨ / ਕੌਮੀ ਮਾਰਗ ਬਿਊਰੋ | April 03, 2023 08:50 PM

 

ਕ੍ਰਿਸ਼ਨ ਭਨੋਟ ਸਾਡੇ ਸਮਿਆਂ ਦਾ ਸਮਰੱਥ, ਪਰਪੱਕ ਅਤੇ ਉਸਤਾਦ ਗ਼ਜ਼ਲਗੋ ਹੈ। ਪੰਜਾਬੀ ਦੇ ਮਾਣਮੱਤੇ ਸ਼ਾਇਰਾਂ ਵਿਚ ਉਸ ਦਾ ਜ਼ਿਕਰ ਹੁੰਦਾ ਹੈ। ਲੰਮੀ ਘਾਲਣਾ ਦੇ ਅਰਸੇ ਦੌਰਾਨ ਉਹ ਇਸ ਤੋਂ ਪਹਿਲਾਂ ਛੇ ਗ਼ਜ਼ਲ ਸੰਗ੍ਰਹਿ, ਇਕ ਵਿਅੰਗ ਗ਼ਜ਼ਲ ਸੰਗ੍ਰਹਿ ਤੋਂ ਇਲਾਵਾ ਗ਼ਜ਼ਲ ਦੀ ਬਣਤਰ ਅਤੇ ਅਰੂਜ਼ ਬਾਰੇ ਇਕ ਬਹੁਤ ਹੀ ਮੁੱਲਵਾਨ ਪੁਸਤਕ ਪੰਜਾਬੀ ਪਾਠਕਾਂ ਅਤੇ ਗ਼ਜ਼ਲ ਦੇ ਸਿਖਾਂਦਰੂਆਂ ਦੀ ਝੋਲੀ ਪਾ ਚੁੱਕਿਆ ਹੈ। ਗਹਿਰੇ ਪਾਣੀਆਂ ਵਿਚ ਉਸ ਦਾ ਸੱਤਵਾਂ ਗ਼ਜ਼ਲ ਸੰਗ੍ਰਿਹ ਹੈ।

ਉਸਤਾਦ ਗ਼ਜ਼ਲਗੋ ਕ੍ਰਿਸ਼ਨ ਭਨੋਟ ਦੀ ਗ਼ਜ਼ਲ ਦੇ ਰੂਪਕ ਪੱਖ ਬਾਰੇ ਗੱਲ ਕਰਨਾ ਸੂਰਜ ਨੂੰ ਦੀਵਾ ਦਿਖਾਉਣ ਦੇ ਤੁਲ ਹੈ। ਉਸਤਾਦੀ ਰੰਗ ਦੀ ਇਸ ਕ੍ਰਿਤ ਬਾਰੇ ਮੈਂ ਆਪਣੀ ਸਮਝ ਅਤੇ ਸਮਰੱਥਾ ਅਨੁਸਾਰ ਕੋਸ਼ਿਸ਼ ਕੀਤੀ ਹੈ ਕਿ ਗਹਿਰੇ ਪਾਣੀਆਂ ਵਿਚ ਟੁੱਭੀ ਲਾ ਕੇ ਇਸ ਵਿਚਲੇ ਮਾਣਕ ਮੋਤੀ ਪਾਠਕਾਂ ਦੇ ਸਨਮੁੱਖ ਪੇਸ਼ ਕਰ ਸਕਾਂ।

ਇਹਦੇ ਵਿਚ ਸ਼ੱਕ ਦੀ ਭੋਰਾ ਵੀ ਗੁੰਜਾਇਸ਼ ਨਹੀਂ ਕਿ ਕ੍ਰਿਸ਼ਨ ਭਨੋਟ ਦੀ ਸ਼ਾਇਰੀ ਬੇਹੱਦ ਸਰਲ, ਸਾਦਾ, ਸਪੱਸ਼ਟ, ਸਹਿਜ, ਸੁਭਾਵਿਕ, ਅਤੇ ਸੁਹਜ ਨਾਲ ਲਬਰੇਜ਼ ਸ਼ਬਦਾਂ ਦਾ ਗੁਲਦਸਤਾ ਹੈ ਅਤੇ ਸ਼ਾਬਦਿਕ ਜਾਲ ਤੋਂ ਮੁਕਤ ਹੈ। ਇਹ ਉਸ ਦੀ ਸ਼ਾਇਰੀ ਦਾ ਮੀਰੀ ਗੁਣ ਹੈ। ਸ਼ਾਇਰੀ ਉਸ ਲਈ ਸਭ ਕੁਝ ਹੈ। ਉਸ ਲਈ ਰੂਹ ਦੀ ਖੁਰਾਕ ਹੈ ਸ਼ਾਇਰੀ ਜੋ ਉਦਾਸੀਆਂ ਦੇ ਮੰਝਧਾਰ ਚੋਂ ਪਾਰ ਲੰਘਾਉਣ ਦਾ ਜ਼ਰੀਆ ਹੈ। ਇਹ ਸ਼ਾਇਰੀ ਹੀ ਖੁਸ਼ੀਆਂ ਦੇ ਰਾਹਾਂ ਚੋਂ ਗ਼ਮਾਂ ਦੇ ਪਹਾੜਾਂ ਹਟਾਉਂਦੀ ਹੈ ਅਤੇ ਸੀਨੇ ਵਿਚ ਜ਼ਿੰਦਗੀ ਜਿਉਣ ਦੀ ਰੀਝ ਨੂੰ ਪਰਪੱਕ ਕਰਦੀ ਹੈ। ਉਹ ਕਹਿੰਦਾ ਹੈ-

ਇਹ ਮਿਰੀ ਧੜਕਣ 'ਚ ਧੜਕੇ,  ਇਹ ਮਿਰੇ ਸਾਹਾਂ 'ਚ ਹੈ

ਸ਼ਾਇਰੀ ਮੇਰੇ ਲਹੂ ਵਿਚ,  ਮਹਿਕ ਜਿਉਂ ਫੁੱਲਾਂ 'ਚ ਹੈ

 

ਮਿਰੀ ਮਹਿਬੂਬ ਹੈ,  ਮਾਂ ਵੀ ਹੈ,  ਧੀ ਵੀ ਹੈ ਤੇ ਰਾਹਬਰ ਵੀ,

ਪਵਾਂ ਕਮਜ਼ੋਰ ਜਦ ਮੈਂ,  ਸ਼ਾਇਰੀ ਸੰਭਾਲਦੀ ਮੈਨੂੰ

ਅੱਜ ਅਸੀਂ ਆਪਣੇ ਆਲੇ ਦੁਆਲੇ ਦੇਖਦੇ ਹਾਂ ਕਿ ਸਮਾਜਿਕ ਮਾਹੌਲ ਦਿਨ ਬਦਿਨ ਗੰਧਲਾ ਹੋ ਰਿਹਾ ਹੈ। ਮਨੁੱਖੀ ਕਦਰਾਂ ਕੀਮਤਾਂ ਦਾ ਬੇਹੱਦ ਘਾਣ ਹੋ ਰਿਹਾ ਹੈ। ਹਰ ਇਕ ਸੂਝਵਾਨ ਮਨੁੱਖ ਅੰਦਰੂਨੀ ਪੀੜਾ ਹੰਢਾ ਰਿਹਾ ਹੈ। ਕ੍ਰਿਸ਼ਨ ਭਨੋਟ ਅਜਿਹੇ ਵਰਤਾਰੇ ਤੋਂ ਬੇਹੱਦ ਦੁਖੀ ਹੈ। ਇਸ ਦਰਦ ਵਿਚ ਉਹ ਦਿਨ ਰਾਤ ਤੜਪਦਾ ਹੈ ਅਤੇ ਹਰ ਇਕ ਮਨੁੱਖ ਦੇ ਦਰਦ ਨੂੰ ਆਪਣਾ ਦਰਦ ਹੀ ਸਮਝਦਾ ਹੈ-

ਮੇਰੇ ਜਿਹਾ ਈ ਦਰਦ ਸੀ,  ਹਰ ਇਕ ਦੇ ਦਿਲ 'ਚ ਵੀ,

ਮੈਂ ਦਰਦ ਆਪਣਾ ਕਿਹਾ,  ਲੋਕਾਂ ਦਾ ਬਣ ਗਿਆ

 

ਇਨ੍ਹਾਂ ਵਿਚ ਫਲਸਫ਼ਾ ਹੋਵੇ ਨ ਹੋਵੇ,

ਇਨ੍ਹਾਂ ਵਿਚ ਵਿਦਵਤਾ ਹੋਵੇ ਨ ਹੋਵੇ,

ਮਨੁੱਖੀ ਦਰਦ ਹੈ ਇਹਨਾਂ 'ਚ ਸ਼ਾਮਿਲ,

ਮਿਰੇ ਸ਼ਿਅਰਾਂ 'ਚ ਸ਼ਾਮਿਲ ਭਾਵਨਾਵਾਂ

ਮਨੁੱਖੀ ਪੀੜ ਦਾ ਦ੍ਰਿਸ਼ ਚਿਤਰਣ ਉਹ ਇਸ ਤਰਾਂ ਕਰਦਾ ਹੈ-

ਜਮਘਟਾ ਪੀੜਾਂ ਦਾ,  ਮਨ ਦੇ ਅੰਬਰੀਂ ਚੜ੍ਹਿਆ ਗ਼ੁਬਾਰ,

ਚੜ੍ਹ ਗਈ ਗ਼ਮ ਦੀ ਘਟਾ ਨੈਣਾਂ 'ਚ ਬਰਸਣ ਵਾਸਤੇ

ਇਹ ਮਨੁੱਖੀ ਦਰਦ ਹੀ ਹੈ ਜੋ ਉਸ ਦੀ ਸ਼ਾਇਰੀ ਰਾਹੀਂ ਇਸ ਤਰ੍ਹਾਂ ਉਮੜਦਾ ਹੈ-

ਕਿਸੇ ਮਾਸੂਮ ਦੇ ਹੰਝੂ,  ਜੇ ਮੈਥੋਂ ਪੂੰਝ ਨਾ ਹੁੰਦੇ,

ਗੁਨਾਹ ਇਕ ਹੋਰ ਸ਼ਾਮਿਲ ਕਰ ਲਵੋ,  ਮੇਰੇ ਗੁਨਾਹਾਂ ਵਿਚ

 

ਸ਼ਾਇਰ ਕ੍ਰਿਸ਼ਨ ਭਨੋਟ ਧਰਮ ਦਾ ਮਖੌਟਾ ਪਹਿਨ ਕੇ ਮਨੁੱਖਤਾ ਨੂੰ ਦੂਈ ਦਵੈਤ, ਨਫਰਤ, ਲਾਲਚ ਦੇ ਗੁੰਮਰਾਹਕੁਨ ਪ੍ਰਚਾਰ ਰਾਹੀਂ ਵਰਗਲਾਉਣ ਵਾਲੇ ਪਖੰਡੀਆਂ ਨੂੰ ਸਮਾਜ ਦੇ ਵੱਡੇ ਦੁਸ਼ਮਣ ਮੰਨਦਾ ਹੈ। ਇਸ ਗ਼ਜ਼ਲ ਸੰਗ੍ਰਹਿ ਵਿਚ ਉਸ ਦੀ ਸ਼ਾਇਰੀ ਥਾਂ ਪੁਰ ਥਾਂ ਧਾਰਮਿਕ ਦੋਖੀਆਂ ਅਤੇ ਰਾਜਨੀਤੀਵਾਨਾਂ ਦੁਆਰਾ ਮਨੁੱਖੀ ਭਾਵਨਾਵਾਂ ਨੂੰ ਆਪਣੇ ਹਿਤਾਂ ਦਾ ਪੂਰਕ ਬਣਾ ਕੇ ਇਨਸਾਨੀਅਤ ਦੇ ਰਾਹਾਂ ਵਿਚ ਕੰਡੇ, ਕੰਕਰ ਵਿਛਾਉਣ ਦਾ ਪਰਦਾਫਾਸ਼ ਕਰਦੀ ਹੈ-

ਇਕ ਦੂਸਰੇ ਦੀ ਪਿੱਠ 'ਚ ਖੋਭਣ ਦੇ ਵਾਸਤੇ,

ਧਰਮਾਂ ਦੇ ਨਾਮ 'ਤੇ ਅਸੀਂ,  ਖੰਜਰ ਖਰੀਦ ਲਏ

 

ਮਿਰਾ ਦਿਲ ਚਾਹ ਰਿਹਾ,  ਸੱਚੇ ਗੁਰੂ ਦੇ ਰੂਬਰੂ ਹੋਣਾ,

ਗੁਰੂ ਦੇ ਅੱਗਿਉਂ,  ਥੋੜਾ ਕੁ ਚਿਰ ਗੋਲਕ ਉਠਾ ਲੈਂਦੇ

 

ਪੁਜਾਰੀ ਬਣ ਗਈ ਨਾਨਕ ਜੀ,  ਸਾਡੀ ਕੌਮ ਤਾਂ,

ਕਿ ਤੇਰੀ ਸੋਚਣੀ,  ਅਮਲਾਂ 'ਚ ਢਾਲੀ ਨਾ ਗਈ

ਤੇ ਇਸ ਦੇ ਨਾਲ ਹੀ ਉਹ ਆਮ ਲੋਕਾਈ ਨੂੰ ਇਨ੍ਹਾਂ ਸਮਾਜ ਵਿਰੋਧੀ ਤਾਕਤਾਂ ਤੋਂ ਸੁਚੇਤ ਰਹਿਣ ਲਈ ਵੀ ਪ੍ਰੇਰਦਾ ਹੈ-

ਕਦੋਂ,  ਕਿਉਂ,  ਕੀ,  ਕਿਵੇਂ,  ਕਿੱਥੇ,  ਸਵਾਲ ਉਪਜਣ ਨ ਮਨ ਦੇ ਵਿਚ,

ਉਹ ਚਾਹੁੰਦੇ ਨੇ ਜੁੜੇ ਰਹੀਏ,  ਅਸੀਂ ਬਸ ਆਸਥਾਵਾਂ ਨਾਲ

 

ਸ਼ਾਇਰ ਇਸ ਪੱਖੋਂ ਪੂਰੀ ਤਰਾਂ ਸੁਚੇਤ ਹੈ ਕਿ ਅਜੋਕੇ ਵਿਸ਼ਵ ਵਰਤਾਰੇ ਵਿਚ ਰਾਜਨੀਤਕ, ਧਾਰਮਿਕ ਅਤੇ ਆਰਥਿਕ ਸੱਤਾ ਉੱਪਰ ਕਾਬਜ਼ ਧਿਰਾਂ ਪੈਰ ਪੈਰ ਤੇ ਦਿਲਕਸ਼ ਸੁਨਹਿਰੀ ਪਿੰਜਰਿਆਂ ਦਾ ਜਾਲ ਵਿਛਾ ਕੇ ਮਨੁੱਖ ਰੂਪੀ ਪੰਛੀ ਨੂੰ ਲਲਚਾ ਰਹੀਆਂ ਹਨ ਅਤੇ ਆਪਣੀਆਂ ਕੁਰਸੀਆਂ ਦੇ ਪਾਵਿਆਂ ਨੂੰ ਸਦੀਵੀ ਕਾਇਮ ਰੱਖਣ ਲਈ ਹਰ ਹਰਬਾ ਵਰਤ ਰਹੀਆਂ ਹਨ। ਅਜਿਹੇ ਹਾਲਾਤ ਵਿਚ ਸਿਰਫ ਉਹ ਲੋਕ ਹੀ ਆਪਣੀ ਹੋਂਦ ਬਰਕਰਾਰ ਰੱਖ ਸਕਣਗੇ ਜਿਨ੍ਹਾਂ ਦੀ ਸੀਨਿਆਂ ਵਿਚ ਮੰਜ਼ਿਲਾਂ ਸਰ ਕਰਨ ਦਾ ਲਾਵਾ ਹੈ-

ਜਿਨ੍ਹਾਂ ਦੇ ਮਨ ਦੇ ਵਿੱਚ ਬੇਚੈਨੀਆਂ ਨੇ,  ਬਦਲਦੇ ਨੇ ਸਦਾ ਹਾਲਾਤ ਓਹੀ,  

ਕਿ ਨੀਂਦਰ ਚੈਨ ਦੀ ਸੌਂਦੇ ਨੇ ਜਿਹੜੇ,  ਉਨ੍ਹਾਂ ਨੂੰ ਚੈਨ ਕਰ ਦਿੰਦਾ ਨਕਾਰਾ

 

ਇਨ੍ਹਾਂ ਸਦਕੇ ਹੀ ਮੇਰੀ ਤੋਰ ਨਾ ਮੱਠੀ ਪਵੇ ਪਲ ਭਰ

ਮੈਂ ਕੰਡੇ ਆਪਣੇ ਰਾਹ ਦੇ ਸਦਾ ਫੁੱਲਾਂ ਦੇ ਤੁੱਲ ਜਾਣੇ

 

ਪੁਰਾਣਾ ਜਰਜਰਾ ਹੋਇਆ ਤਾਂ ਉਸਨੂੰ ਤੋੜਨਾ ਪੈਣਾ,

ਬਿਨਾ ਤੋੜੇ ਨ ਹੋ ਸਕਣੀ,  ਨਵੇਂ ਨਿਰਮਾਣ ਦੀ ਇੱਛਾ

 

ਸਾਡੇ ਆਸ ਪਾਸ ਬੜਾ ਹੀ ਮਤਲਬੀ ਸੰਸਾਰ ਸਿਰਜਿਆ ਜਾ ਰਿਹਾ ਹੈ ਅਤੇ ਸਾਡਾ ਇਹ ਦੁਖਾਂਤ ਹੈ ਕਿ ਅਸੀਂ ਸਭ ਕੁਝ ਜਾਣਦੇ ਹੋਏ ਵੀ ਇਸ ਦਾ ਪ੍ਰਭਾਵ ਕਬੂਲਦੇ ਜਾ ਰਹੇ ਹਾਂ। ਸਾਡੇ ਰਿਸ਼ਤਿਆਂ ਦਾ ਤਾਣਾ ਬਾਣਾ ਵੀ ਏਸੇ ਕਰਕੇ ਹੀ ਬੇਹੱਦ ਜਰਜਰਾ ਹੋ ਰਿਹਾ ਹੈ। ਸਾਡੀ ਸੋਚ ਤੇ ਕਾਬਜ਼ ਤਾਕਤਾਂ ਨੇ ਪਿਆਰ, ਮੁਹੱਬਤ, ਆਪਸੀ ਸਾਂਝ, ਮੇਲ ਮਿਲਾਪ ਨੂੰ ਵੀ ਇਸ ਸੰਸਾਰ ਵਿਚ ਤੱਕੜੀ ਨਾਲ ਤੋਲਣ ਵਾਲੀ ਵਸਤੂ ਬਣਾ ਦਿੱਤਾ ਹੈ। ਅਜਿਹੇ ਵਰਤਾਰੇ ਵਿਚ ਮਨੁੱਖ ਦੀ ਮਾਨਸਿਕਤਾ ਬਾਰੇ ਕਵੀ ਸੁਭਾਵਿਕ ਹੀ ਕਹਿ ਉੱਠਦਾ ਹੈ-

ਜਿੰਨੀ ਜਿਸ ਦੀ ਲੋੜ ਹੈ,  ਓਨਾ ਉਸ ਦਾ ਮੁੱਲ,

ਜਿਸ ਦੇ ਬਿਨ ਸਰਦਾ ਨਹੀਂ,  ਹੋ ਜਾਂਦੈ ਉਹ ਖ਼ਾਸ

 

ਮੈਂ ਤੈਨੂੰ ਲੋਈ ਦਵਾਂ,  ਤੂੰ ਕਰ ਭੇਂਟ ਪਲੇਕ 

ਇਕ ਦੂਜੇ ਦਾ ਰੱਖੀਏ,  ਆਪਾਂ ਦੋਵੇਂ ਮਾਣ

ਸ਼ਾਇਰੀ ਨੂੰ ਮੁਹਾਵਰਿਆਂ ਨਾਲ ਸ਼ਿੰਗਾਰਨਾ ਵੀ ਇਕ ਉਸਤਾਦੀ ਕਲਾ ਹੈ ਅਤੇ ਇਸ ਕਲਾ ਦੀ ਕ੍ਰਿਸ਼ਨ ਭਨੋਟ ਨੂੰ ਮੁਹਾਰਤ ਹਾਸਲ ਹੈ। ਉਸ ਦੀ ਇਹ ਫ਼ਨ ਅਨੇਕਾਂ ਸ਼ਿਅਰਾਂ ਵਿਚ ਆਪ ਮੁਹਾਰੇ ਪ੍ਰਗਟ ਹੋਇਆ ਹੈ। ਮੁਹਾਵਰੇ ਵਿਚ ਗੜੁੱਚ ਉਸ ਦੀ ਸ਼ਾਇਰੀ ਦਾ ਰੰਗ ਦੇਖਣਾ ਹੀ ਬਣਦਾ ਹੈ-

 

ਮੱਖਣ ਨ ਹੱਥ ਆਵੇ,  ਪਾਣੀ ਵਰੋਲਕੇ ਇਉਂ,

ਸੰਭਵ ਕਦੇ ਨਾ ਹੁੰਦੀ,  ਤਲ਼ੀਏਂ ਸਰੋਂ ਜਮਾਉਣੀ

 

ਪੌਣਾਂ ਨੂੰ ਗੰਢ ਦੇਣੀ,  ਕੱਖਾਂ 'ਚ ਅੱਗ ਲੁਕਾਉਣੀ

ਮੁਸ਼ਕਲ ਹੈ ਰੀਝ ਦਿਲ ਦੀ,  ਦਿਲ ਵਿੱਚ ਹੀ ਦਬਾਉਣੀ

 

ਮਾਡਰਨ ਯੁਗ ਸਾਨੂੰ ਕਿਸ ਦਿਸ਼ਾ ਵੱਲ ਲਿਜਾ ਰਿਹਾ ਹੈ, ਸ਼ਾਇਦ ਅਸੀਂ ਇਸ ਗੱਲ ਤੋਂ ਅਣਜਾਣ ਹਾਂ ਅਤੇ ਇਕ ਦੂਜੇ ਦੀ ਦੇਖਾ-ਦੇਖੀ, ਬਿਨਾਂ ਸਮਝੇ ਸੋਚੇ ਇਸ ਦੀ ਜਕੜ ਵਿਚ ਆ ਰਹੇ ਹਾਂ। ਸਾਨੂੰ ਤਾਂ ਇਹ ਵੀ ਪਤਾ ਨਹੀਂ ਕਿ ਅਸੀਂ ਖ਼ੁਦ ਹੀ ਆਪਣੀ ਅਗਲੀ ਪੀੜ੍ਹੀ ਨੂੰ ਇਨਸਾਨੀ ਗੁਣਾਂ ਤੋਂ ਵਿਹੂਣਾ ਕਰਨ ਦੀ ਦੌੜ ਦੌੜ ਰਹੇ ਹਾਂ। ਪਰ ਕ੍ਰਿਸ਼ਨ ਭਨੋਟ ਨੂੰ ਇਸ ਦੀ ਸੋਝੀ ਹੈ। ਤਾਂ ਹੀ ਤਾਂ ਉਸ ਦੀ ਸ਼ਾਇਰੀ ਸਾਨੂੰ ਹਲੂਣਦੀ ਹੈ-

ਬਣਾ ਦਿੱਤਾ ਅਸੀਂ ਬੱਚਿਆਂ ਨੂੰ ਇਕ ਪਰੋਡਕਟ ਹੁਣ,

ਤੇ ਕਰਦੇ ਲਾਂਚ ਹਾਂ ਮੰਡੀ 'ਚ ਵੇਚਣ ਵਾਸਤੇ

ਏਸੇ ਮਾਡਰਨ ਯੁਗ ਨੇ ਹੀ ਸਾਨੂੰ ਮਸ਼ੀਨੀ ਪੁਰਜ਼ੇ ਬਣਾ ਕੇ ਘਰ, ਪਰਿਵਾਰ ਤੋਂ ਅਲੱਗ ਥਲੱਗ ਕਰ ਦਿੱਤਾ ਹੈ। ਅਸੀਂ ਤਾਂ ਕੋਲ ਰਹਿ ਕੇ ਵੀ ਇਕ ਦੂਜੇ ਲਈ ਅਜਨਬੀ ਬਣ ਚੁੱਕੇ ਹਾਂ-

 

ਨਦੀ ਦੇ ਦੋ ਕਿਨਾਰੇ ਮਿਲਣ ਦੀ ਖਾਤਰ ਜਿਵੇਂ ਤਰਸਣ,

ਕਿ ਇੱਕੋ ਛੱਤ ਹੇਠਾਂ ਰਹਿੰਦਿਆਂ ਵੀ ਦੂਰੀਆਂ ਰਹੀਆਂ

 

ਉਸਤਾਦ ਕ੍ਰਿਸ਼ਨ ਭਨੋਟ ਨੇ ਜ਼ਿੰਦਗੀ ਦੇ ਹਰ ਪੱਖ ਆਪਣੀ ਸ਼ਾਇਰੀ ਰਾਹੀਂ ਛੋਹਿਆ ਹੈ। ਉਸਤਾਦੀ ਰੰਗ ਵੀ ਕਈ ਥਾਈਂ ਉੱਘੜ ਕੇ ਸਾਹਮਣੇ ਆਇਆ ਹੈ ਅਤੇ ਉਹ ਕਹਿ ਉੱਠਦਾ ਹੈ-

ਚੱਲਿਆ ਸੀ ਤੂੰ ਇਕੱਲਾ,  ਕਾਫ਼ਲਾ ਜੁੜਦਾ ਗਿਆ,

ਕ੍ਰਿਸ਼ਨ ਹੁਣ ਤੇਰਾ ਘਰਾਣਾ ਕਿੰਨਿਆਂ ਮੁਲਕਾਂ 'ਚ ਹੈ

 

ਰਾਜ, ਗੌਤਮ, ਜੀਤ, ਬਿੰਦੂ, ਪ੍ਰੀਤ, ਜਸ, ਗੁਰਮੀਤ, ਦੇਵ

ਕ੍ਰਿਸ਼ਨ ਤੇਰਾ ਹੁਣ ਸਰੀ ਵਿਚ ਇਕ ਘਰਾਣਾ ਹੋ ਗਿਆ

 

ਉਨ੍ਹਾਂ ਤੇ ਚੱਲ ਕੇ ਸੈਆਂ ਮੁਸਾਫ਼ਰ ਹੋਰ ਆਉਣੇ ਨੇ

ਮਿਰੇ ਪੈਰਾਂ ਨੇ ਹਾਲੇ ਹੋਰ ਵੀ ਰਸਤੇ ਬਣਾਉਣੇ ਨੇ

 

ਬੜੇ ਗਹਿਰੇ ਪਾਣੀਆਂ ਵਿਚ ਉੱਤਰ ਕੇ ਉਸਤਾਦ ਸ਼ਾਇਰ ਕ੍ਰਿਸ਼ਨ ਭਨੋਟ ਨੇ ਬਹੁਤ ਹੀ ਖੂਬਸੂਰਤ ਅਲੰਕਾਰਾਂ, ਬਿੰਬਾਂ, ਤਸ਼ਬੀਹਾਂ, ਰੰਗਾਂ ਅਤੇ ਇਸ਼ਾਰਿਆਂ ਰਾਹੀਂ ਗ਼ਜ਼ਲ ਦੀ ਸੂਖਮਤਾ, ਨਜ਼ਾਕਤ, ਸਾਦਗੀ, ਸੋਖੀ, ਤਕਰਾਰ ਅਤੇ ਹੋਰ ਅਨੇਕਾਂ ਅਦਾਵਾਂ ਦਾ ਬਹੁਪੱਖੀ ਨਜ਼ਾਰਾ ਪੇਸ਼ ਕੀਤਾ ਹੈ ਜਿਸ ਨੂੰ ਮੈਂ ਤਹਿ ਦਿਲੋਂ ਮੁਬਾਰਕਬਾਦ ਕਹਿੰਦਾ ਹਾਂ। ਪਰ ਅਜੇ ਵੀ ਉਸ ਨੇ ਬਹੁਤ ਕੁਝ ਅਣਕਿਹਾ ਛੱਡ ਦਿੱਤਾ ਹੈ ਤੁਹਾਡੇ ਲਈ, ਮੇਰੇ ਲਈ ਅਤੇ ਆਪਣੇ ਸਭਨਾਂ ਲਈ-

 

ਬੜਾ ਕੁਝ ਕਹਿ ਲਿਆ ਹੈ ਕਹਿਣ ਨੂੰ ਭਾਵੇਂ ਮੈਂ ਹੁਣ ਤੀਕਰ,

ਬੜਾ ਕੁਝ ਹੈ ਅਜੇ ਜੋ ਅਣਕਿਹਾ ਹੀ ਦਿਲ 'ਚ ਰਹਿੰਦਾ ਹੈ

ਕਾਮਨਾ ਹੈ ਕਿ ਉਸ ਦੇ ਦਿਲ ਵਿਚ ਅਣਕਿਹਾ ਬਾਕੀ ਹੈ ਉਹ ਜਲਦੀ ਹੀ ਉਸ ਦੇ ਕਲਾਮ ਵਿਚ ਢਲ ਕੇ ਸਾਡੇ ਹਿਰਦਿਆਂ ਨੂੰ ਸਰਸ਼ਾਰ ਕਰੇ।

 

 

 

Have something to say? Post your comment

 

ਸੰਸਾਰ

ਭਾਰਤ-ਪਾਕਿਸਤਾਨ ਤੁਰੰਤ ਅਤੇ ਸੰਪੂਰਨ ਜੰਗਬੰਦੀ 'ਤੇ ਸਹਿਮਤ: ਅਮਰੀਕਾ

ਜੇਕਰ ਭਾਰਤ ਪਿੱਛੇ ਹਟਦਾ ਹੈ, ਤਾਂ ਅਸੀਂ ਵੀ ਤਣਾਅ ਖਤਮ ਕਰਾਂਗੇ: ਪਾਕਿਸਤਾਨੀ ਰੱਖਿਆ ਮੰਤਰੀ ਖਵਾਜਾ ਆਸਿਫ

ਬੇਅਰਕਰੀਕ ਐਲੀਮੈਂਟਰੀ ਸਕੂਲ ਦੇ ਵਿਦਿਆਰਥੀ ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿਖੇ ਨਤਮਸਤਕ ਹੋਏ

ਕੈਨੇਡਾ ਦੀਆਂ ਫੈਡਰਲ ਚੋਣਾਂ ‘ਚ ਲਿਬਰਲ ਪਾਰਟੀ ਨੇ 169 ਅਤੇ ਕਸੰਰਵੇਟਿਵ ਨੇ 144 ਸੀਟਾਂ ‘ਤੇ ਜਿੱਤ/ਲੀਡ ਹਾਸਲ ਕੀਤੀ

ਕੈਨੇਡਾ ਚੋਣਾਂ ਵਿੱਚ ਜਗਮੀਤ ਸਿੰਘ ਅਤੇ ਉਨ੍ਹਾਂ ਦੀ ਪਾਰਟੀ ਨੂੰ ਮਿਲੀ ਕਰਾਰੀ ਹਾਰ

ਕੈਨੇਡਾ ਚੋਣ: ਲਿਬਰਲ ਪਾਰਟੀ ਚੌਥੀ ਵਾਰ ਸੱਤਾ ਵਿੱਚ ਵਾਪਸ ਆਈ, ਟਰੰਪ ਦੀ 'ਟੈਰਿਫ ਵਾਰ' ਨੇ ਮਾਰਕ ਕਾਰਨੀ ਦਾ ਰਸਤਾ ਆਸਾਨ ਕਰ ਦਿੱਤਾ

ਕਿਲੋਨਾ ਵਿਖੇ ਓਕਆਗਨ ਗੁਰਦੁਆਰਾ ਵੱਲੋਂ ਸਜਾਏ ਵਿਸਾਖੀ ਨਗਰ ਕੀਰਤਨ ਵਿਚ ਹਜਾਰਾਂ ਸ਼ਰਧਾਲੂ ਬੜੇ ਉਤਸ਼ਾਹ ਨਾਲ ਹੋਏ ਸ਼ਾਮਲ

ਕੈਨੇਡਾ: ਬਲਵੀਰ ਢੱਟ,ਤੇਗਜੋਤ ਬੱਲ, ਬਲਦੀਪ ਝੰਡ ਅਤੇ ਮਨਦੀਪ ਧਾਲੀਵਾਲ ਨੇ ਰਾਜਵੀਰ ਢਿੱਲੋਂ ਦੇ ਹੱਕ ਵਿੱਚ ਸੰਭਾਲਿਆ ਮੋਰਚਾ

ਭਾਰਤ-ਪਾਕਿਸਤਾਨ ਸਰਹੱਦੀ ਤਣਾਅ -ਦੋਵੇਂ ਦੇਸ਼ ਇਸਨੂੰ ਹੱਲ ਕਰ ਲੈਣਗੇ- ਟਰੰਪ ਨੇ ਕਿਹਾ

ਕੈਨੇਡਾ ਚੋਣਾਂ ਲਈ 18 ਤੋਂ 21 ਅਪ੍ਰੈਲ ਤੱਕ 4 ਦਿਨ ਹੋਈ ਐਡਵਾਂਸ ਪੋਲ ਨੇ ਪਿਛਲੇ ਸਾਰੇ ਰਿਕਾਰਡ ਮਾਤ ਪਾਏ